Saturday 27 July 2013

ਐਨ ਐਸ ਐਸ ਗਤੀਵਿਧੀਆਂ


ਸਕੂਲ ਵਿੱਚ ਰਾਸ਼ਟਰੀ ਸੇਵਾ ਯੋਜਨਾ ਦਾ ਯੂਨਿਟ ਕਾਇਮ

Posted On July - 27 - 2013
ਰਾਸ਼ਟਰੀ ਸੇਵਾ ਯੋਜਨਾ ਦੇ ਵਲੰਟੀਅਰ ਤੇ ਸਕੂਲ ਮੁਖੀ ਪੌਦੇ ਲਾਉਂਦੇ ਹੋਏ
ਪੱਤਰ ਪ੍ਰੇਰਕ
ਸਰਦੂਲਗੜ੍ਹ, 27 ਜੁਲਾਈ
ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਰਘਵੀਰ ਸਿੰਘ ਮਾਨ ਦੀ ਰਹਿਨੁਮਾਈ ਹੇਠ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੰਡੀ ਵਿੱਚ ਰਾਸ਼ਟਰੀ ਸੇਵਾ ਯੋਜਨਾ (ਐਨ.ਐਸ.ਐਸ.) ਦਾ ਇੱਕ ਯੁਨਿਟ ਕਾਇਮ ਕੀਤਾ ਗਿਆ। ਸਕੂਲ ਦੇ ਲੈਕਚਰਾਰ ਬਲਜੀਤ ਪਾਲ ਸਿੰਘ ਝੰਡਾ ਨੂੰ ਇਸ ਦੀ ਅਗਵਾਈ ਸੰਭਾਲੀ ਗਈ ਹੈ।
ਆਪਣੇ ਸੰਬੋਧਨ ਦੌਰਾਨ ਇੰਚਾਰਜ ਬਲਜੀਤ ਪਾਲ ਸਿੰਘ ਨੇ ਕਿਹਾ ਸਕੂਲ ਵਿੱਚ ਇਸ ਇਕਾਈ ਦੇ ਸਥਾਪਤ ਹੋਣ ਨਾਲ ਵਿਦਿਆਰਥੀਆਂ ਵਿੱਚ ਰਾਸ਼ਟਰੀ ਏਕਤਾ ਦੀ ਭਾਵਨਾ ਅਤੇ ਸਮਾਜ ਸੇਵਾ ਦੇ ਕੰਮਾਂ ਵਿੱਚ ਵਧ-ਚੜ੍ਹ ਕੇ ਭਾਗ ਲੈਣ ਦੀ ਰੁਚੀ ਪੈਦਾ ਹੋਵੇਗੀ। ਇਕਾਈ ਦੀ ਸਥਾਪਨਾ ਤੋਂ ਬਾਅਦ ਸਕੂਲ ਦੇ ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਸਕੂਲ ਵਿੱਚ ਛਾਂ ਦਾਰ ਅਤੇ ਫੁੱਲਦਾਰ ਬੂਟੇ ਲਗਾਏ। ਬੂਟੇ ਲਗਾਉਣ ਦਾ ਸ਼ੁਭ ਆਰੰਭ ਸਕੂਲ ਮੁਖੀ ਵਿਜੈ ਕੁਮਾਰ ਮਲਹੋਤਰਾ ਨੇ ਕੀਤਾ। ਵਿਦਿਆਰਥੀਆਂ ਨੇ ਨਵੇਂ ਬੂਟੇ ਲਗਾਉਣ ਦੇ ਨਾਲ ਹੀ ਪੁਰਾਣੇ ਬੂਟਿਆਂ ਦੀ ਸਾਂਭ- ਸੰਭਾਲ ਲਈ ਵਾੜ ਕੀਤੀ ਅਤੇ ਮੀਂਹ ਦਾ ਪਾਣੀ ਸਾਂਭਣ ਲਈ ਟੋਏ ਬਣਾਏ। ਰਾਸ਼ਟਰੀ ਸੇਵਾ ਯੋਜਨਾ ਦੇ ਨਵੇਂ ਯੂਨਿਟ ਨੇ ਬਰਸਾਤਾਂ ਦੇ ਮੌਸਮ ਦੌਰਾਨ ਇੱਕ ਸੌ ਦੇ ਕਰੀਬ ਹੋਰ ਬੂਟੇ ਲਗਾਉਣ ਦਾ ਪ੍ਰਣ ਕੀਤਾ। ਪ੍ਰੋਗਰਾਮ ਅਫ਼ਸਰ ਬਲਜੀਤ ਪਾਲ ਸਿੰਘ ਨੇ ਦੱਸਿਆ ਕਿ ਅਗਲੇ ਦਿਨਾਂ ਵਿੱਚ ਵਲੰਟੀਅਰ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੀ ਸਫ਼ਾਈ ਕਰਨਗੇ ਅਤੇ  ਚੇਤਨਾ ਕੈਂਪ ਵੀ ਲਗਾਏ ਜਾਣਗੇ। ਇਸ ਮੌਕੇ ਡੀ.ਪੀ.ਈ. ਗੁਰਸੇਵਕ ਸਿੰਘ,ਲੈਕਚਰਾਰ ਰਾਮ ਸਿੰਘ, ਹਰਬੰਸ ਸਿੰਘ, ਰਾਜਿੰਦਰ ਕੁਮਾਰ ਅਤੇ ਮੈਡਮ ਦਰਸ਼ਨਾ ਦੇਵੀ, ਕਮਲਜੀਤ ਕੌਰ, ਹਰਕੇਸ਼ ਰਾਣੀ ਅਤੇ ਸਕੂਲ ਦੇ ਵਿਦਿਆਰਥੀ ਮੌਜੂਦ ਸਨ।(ਪੰਜਾਬੀ ਟ੍ਰਿਰਬਿਊਨ 28/7/2013)